ਟਿਕਾਊ ਖੇਤੀ ਕੇਂਦਰ

ਟਿਕਾਊ ਖੇਤੀ ਕੇਂਦਰ ( Centre for Sustainable Agriculture)

ਮਨੁੱਖ ਸਮੇਤ ਹਰ ਜੀਵ ਨੂੰ ਜਿਉਂਦਾ ਰਹਿਣ ਲਈ ਭੋਜਨ ਚਾਹੀਦਾ ਹੈ । ਇਹ ਭੋਜਨ ਕਣਕ ਚਾਵਲ ਜਾਂ ਬਾਜਰਾ ਨਹੀਂ ਹੈ ਬਲਕਿ ਖੁਰਾਕੀ ਤੱਤ ਹਨ ਜੋ ਅਸੀਂ ਕਣਕ ਚਾਵਲ ਜਾਂ ਬਾਜਰੇ ਰਾਹੀਂ ਮਿੱਟੀ ਵਿੱਚੋਂ ਪ੍ਰਾਪਤ ਕਰਦੇ ਹਾਂ ਅਤੇ ਖਾਣ ਤੋਂ ਬਾਅਦ ਮਲ ਮੂਤਰ ਰਾਹੀਂ ਮਿੱਟੀ ਨੂੰ ਵਾਪਸ ਕਰ ਦਿੰਦੇ ਹਾਂ । ਮਿੱਟੀ ਵਿੱਚੋਂ ਨਿਕਲੇ ਖੁਰਾਕੀ ਤੱਤ ਵਾਪਸ ਫਿਰ ਮਿੱਟੀ ਵਿੱਚ ਮਿਲ ਜਾਂਦੇ ਹਨ । ਖੁਰਾਕੀ ਤੱਤਾਂ ਦੇ ਇਸ ਸਾਈਕਲ ਨੂੰ ਨਿਊਟ੍ਰੇਸ਼ਨ ਸਾਈਕਲ ਕਿਹਾ ਜਾਂਦਾ ਹੈ ।

ਖੁਰਾਕੀ ਤੱਤਾਂ ਦਾ ਸਿਰਫ ਅਤੇ ਇਕੋ ਇੱਕ ਸਰੋਤ ਮਿੱਟੀ ਹੀ ਹੈ ।ਮਿੱਟੀ ਵਿੱਚੋਂ ਅਸੀਂ ਫਸਲਾਂ ਦੀ ਉੱਪਜ ਦੇ ਰੂਪ ਵਿੱਚ ਖੁਰਾਕੀ ਤੱਤ ਕੱਢਦੇ ਹਾਂ ਅਤੇ ਮਲ ਮੂਤਰ ਦੇ ਰੂਪ ਵਿੱਚ ਉਸੇ ਮਿੱਟੀ ਨੂੰ ਵਾਪਸ ਕਰ ਦਿੰਦੇ ਹਾਂ । ਇਸ ਸਾਰੇ ਵਰਤਾਰੇ ਨੂੰ ਟਿਕਾਊ ਖੇਤੀ ਕਿਹਾ ਜਾਂਦਾ ਹੈ । ਦੂਸਰੇ ਸ਼ਬਦਾਂ ਵਿੱਚ ਨਿਊਟ੍ਰੇਸ਼ਨ ਸਾਈਕਲ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਜੋ ਖੇਤੀ ਕੀਤੀ ਜਾਂਦੀ ਹੈ ਉਹ ਖੇਤੀ “ਟਿਕਾਊ ਖੇਤੀ” ਕਹਿਲਾਉਂਦੀ ਹੈ । ਪਿਛਲੀ ਇੱਕ ਸਦੀ ਦੇ ਮਨੁੱਖੀ ਵਿਕਾਸ ਨੇ ਪੂਰੀ ਧਰਤੀ ਉੱਪਰ ਖੇਤੀ ਦਾ ਰੂਪ ਬਦਲ ਦਿੱਤਾ । ਟਿਕਾਊ ਖੇਤੀ ਇਸ ਸਦੀ ਵਿੱਚ ਨਿਊਟ੍ਰੇਸ਼ਨ ਮਾਈਨਿੰਗ ਦਾ ਰੂਪ ਧਾਰਨ ਕਰ ਗਈ । ਜਮੀਨ ਦੇ ਇੱਕ ਟੁਕੜੇ ਵਿੱਚੋਂ ਫਸਲਾਂ ਦੇ ਰੂਪ ਵਿੱਚ ਖੁਰਾਕੀ ਤੱਤ ਕੱਢੇ ਜਾਂਦੇ ਹਨ ਅਤੇ ਕਿਸੇ ਹੋਰ ਇਲਾਕੇ ਵਿੱਚ ਬੈਠ ਕੇ ਖਾਧੇ ਜਾਂਦੇ ਹਨ । ਜਿਸ ਦੇ ਨਤੀਜੇ ਵਜੋਂ ਮਿੱਟੀ ਦੇ ਜਿਸ ਹਿੱਸੇ ਵਿੱਚੋਂ ਖੁਰਾਕੀ ਤੱਤ ਕੱਢੇ ਗਏ ਉਸ ਹਿੱਸੇ ਵਿੱਚ ਮਲ ਮੂਤਰ ਦੇ ਰੂਪ ਵਿੱਚ ਵਾਪਸ ਨਹੀਂ ਕੀਤੇ ਗਏ । ਖੇਤੀਯੋਗ ਜ਼ਮੀਨ ਤੋਂ ਰਿਹਾਇਸ਼ੀ ਖੇਤਰਾਂ ਵੱਲ ਖੁਰਾਕੀ ਤੱਤਾਂ ਦਾ ਵਹਾਅ ਲਗਾਤਾਰ ਚੱਲ ਰਿਹਾ ਹੈ ਅਤੇ ਵਾਪਸੀ ਨਾਂ ਹੋਣ ਕਾਰਨ ਖੇਤੀਯੋਗ ਜਮੀਨਾਂ ਵਿੱਚ ਖੁਰਾਕੀ ਤੱਤਾਂ ਦਾ ਘਾਟ ਖਤਰਨਾਕ ਪੱਧਰ ਤੱਕ ਪਹੁੰਚ ਗਈ ।

ਬੰਜਰ ਹੋਣ ਦੀ ਕੰਗਾਰ ਤੇ ਪਹੁੰਚ ਚੁੱਕੀ ਵਾਹੀਯੋਗ ਜ਼ਮੀਨ ਤੇ ਜੇਕਰ ਅਸੀਂ ਭਵਿੱਖ ਵਿੱਚ ਭੋਜਨ ਪੈਦਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵਾਪਸ ਟਿਕਾਊ ਖੇਤੀ ਤੇ ਆਉਣਾ ਪਵੇਗਾ । ਟਿਕਾਊ ਖੇਤੀ ਦੀ ਖੋਜ, ਪ੍ਰਚਾਰ ਅਤੇ ਪਸਾਰ ਲਈ ਸੋਹਣਗ੍ਹੜ ਫਾਰਮਵਰਸਿਟੀ (Sohangarh Farmversity) ਵਿਖੇ “ਡਾਃ ਓਮ ਪ੍ਰਕਾਸ਼ ਰੁਪੇਲਾ ਟਿਕਾਊ ਖੇਤੀ ਕੇਂਦਰ” ( Centre for Sustainable Agriculture ) ਦੀ ਸਥਾਪਨਾ ਕੀਤੀ ਗਈ ਹੈ । ਇਸ ਟਿਕਾਊ ਖੇਤੀ ਕੇਂਦਰ ਤੋਂ ਟਿਕਾਊ ਖੇਤੀ ਦੀ ਟ੍ਰੇਨਿੰਗ ਲਈ ਹੇਠ ਲਿਖੀਆਂ ਟ੍ਰੇਨਿੰਗਾਂ ਦੀ ਵਿਵਸਥਾ ਕੀਤੀ ਗਈ ਹੈ ।

ਇੱਕ ਦਿਨਾਂ ਟਿਕਾਊ ਖੇਤੀ ਟ੍ਰੇਨਿੰਗ ਵਰਕਸ਼ਾਪ

ਇਹ ਟ੍ਰੇਨਿੰਗ ਵਰਕਸ਼ਾਪ ਫਾਰਮ ਉੱਪਰ ਮਹੀਨੇ ਦੇ ਅਖੀਰਲੇ ਐਤਵਾਰ ਲਗਦੀ ਹੈ । ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਟਿਕਾਊ ਖੇਤੀ ਦੀ ਜਰੂਰਤ ਅਤੇ ਬੁਨਿਆਦੀ ਸਿਧਾਂਤਾਂ ਉੱਪਰ ਚਰਚਾ ਕੀਤੀ ਜਾਂਦੀ ਹੈ । ਇਸ ਟ੍ਰੇਨਿੰਗ ਵਰਕਸ਼ਾਪ ਦੀ ਕੋਈ ਫੀਸ ਨਹੀਂ ਹੈ ।

ਦੋ ਦਿਨਾਂ ਟਿਕਾਊ ਖੇਤੀ ਟ੍ਰੇਨਿੰਗ ਵਰਕਸ਼ਾਪ

ਇਸ ਟ੍ਰੇਨਿੰਗ ਵਰਕਸ਼ਾਪ ਲਈ ਫਾਰਮ ਉੱਪਰ ਰਾਤ ਰੁਕਣਾ ਜਰੂਰੀ ਹੈ ਅਤੇ ਘੱਟੋ-ਘੱਟ ਚਾਰ ਲੋਕਾਂ ਦਾ ਗਰੁੱਪ ਹੋਣਾ ਚਾਹੀਦਾ ਹੈ । ਪੂਰੇ ਸਾਲ ਭਰ ਦੌਰਾਨ ਕਿਸੇ ਵੀ ਦਿਨ ਅਗਾਊਂ ਰਜਿਸਟ੍ਰੇਸ਼ਨ ਕਰਵਾ ਕਿ ਇਹ ਟ੍ਰੇਨਿੰਗ ਲਈ ਜਾ ਸਕਦੀ ਹੈ । ਇਸ ਟ੍ਰੇਨਿੰਗ ਵਰਕਸ਼ਾਪ ਦੀ ਫੀਸ ਦੋ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਹੈ । ਰਹਿਣ ਲਈ ਬੁਨਿਆਦੀ ਰਿਹਾਇਸ਼ ਅਤੇ ਖਾਣ ਲਈ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ ਜਿਸ ਦੀ ਅਲੱਗ ਤੋਂ ਕੋਈ ਫੀਸ ਨਹੀਂ ਲਈ ਜਾਂਦੀ । ਇਹ ਟ੍ਰੇਨਿੰਗ ਵਰਕਸ਼ਾਪ ਖੁਦ ਕਮਲਜੀਤ ਸਿੰਘ ਹੇਅਰ ਦੁਆਰਾ ਲਗਾਈ ਜਾਂਦੀ ਹੈ ਅਤੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ ।

ਤਿੰਨ ਦਿਨਾਂ ਟਿਕਾਊ ਖੇਤੀ ਟ੍ਰੇਨਿੰਗ ਵਰਕਸ਼ਾਪ

ਡਾਃ ਓਮ ਪ੍ਰਕਾਸ਼ ਰੁਪੇਲਾ ਟਿਕਾਊ ਖੇਤੀ ਕੇਂਦਰ ਵਿਖੇ ਤਿੰਨ ਦਿਨਾਂ ਟਿਕਾਊ ਖੇਤੀ ਟ੍ਰੇਨਿੰਗ ਵਰਕਸ਼ਾਪ ਦੀ ਵਿਵਸਥਾ ਕੀਤੀ ਗਈ ਹੈ । ਇਹ ਤਿੰਨ ਦਿਨਾਂ ਟ੍ਰੇਨਿੰਗ ਵਰਕਸ਼ਾਪ ਸਾਲ ਵਿੱਚ ਚਾਰ ਵਾਰ ਲਗਦੀ ਹੈ । ਇਸ ਟ੍ਰੇਨਿੰਗ ਵਰਕਸ਼ਾਪ ਦੀ ਤਾਰੀਖ ਟ੍ਰੇਨਿੰਗ ਤੋਂ ਪਹਿਲਾਂ ਤੈਅ ਕੀਤੀ ਜਾਂਦੀ ਹੈ ਅਤੇ ਫਾਰਮ ਦੀ ਵੈਬਸਾਈਟ ਅਤੇ ਸੋਸ਼ਲ ਮੀਡਿਆ ਰਾਹੀਂ ਪ੍ਰਸਾਰਿਤ ਕੀਤੀ ਜਾਂਦੀ ਹੈ । ਟ੍ਰੇਨਿੰਗ ਦੀ ਫੀਸ ਪੰਜ ਹਜਾਰ ਰੁਪਏ ਹੈ ਜਿਸ ਵਿੱਚ ਰਿਹਾਇਸ਼ ਅਤੇ ਭੋਜਨ ਸ਼ਾਮਲ ਹੈ । ਟ੍ਰੇਨੀ ਨੇ ਪਹਿਲੇ ਦਿਨ 8 ਵਜੇ ਫਾਰਮ ਤੇ ਪਹੁੰਚਣਾਂ ਹੈ ਅਤੇ ਤੀਸਰੇ ਦਿਨ ਪਾਰਟੀਸਿਪੇਸ਼ਨ ਸਰਟੀਫਿਕੇਟ ਜਾਰੀ ਕਰਨ ਉਪਰੰਤ 5 ਵਜੇ ਟ੍ਰੇਨਿੰਗ ਸਮਾਪਤ ਕੀਤੀ ਜਾਂਦੀ ਹੈ । ਟ੍ਰੇਨਿੰਗ ਦੇ ਕੁੱਲ 10 ਸ਼ੈਸ਼ਨ ਹੁੰਦੇ ਹਨ ।

1. ਸੋਹਣਗ੍ਹੜ ਫਾਰਮਵਰਸਿਟੀ ( Sohangarh Farmversity ) ਦਾ ਇਤਿਹਾਸ ਅਤੇ ਕੁਦਰਤੀ ਖੇਤੀ ਕਿਸਾਨ ਨੂੰ ਦਰਪੇਸ਼ ਸਮਾਜਿਕ ਸਮੱਸਿਆਵਾਂ

2. ਖੇਤੀ ਕੀ ਹੈ , ਖੇਤੀ ਦੀਆਂ ਅਲੱਗ ਅਲੱਗ ਪੱਧਤੀਆਂ , ਟਿਕਾਊ ਖੇਤੀ ਦੀ ਪਰਿਭਾਸ਼ਾ ਅਤੇ ਸਿਧਾਂਤ

3. ਖੇਤੀ ਖੁਰਾਕ ਅਤੇ ਸਿਹਤ ਦਾ ਆਪਸੀ ਸੰਬੰਧ । ਤੰਦਰੁਸਤ ਰਹਿਣ ਲਈ ਕਿਹੜਾ ਭੋਜਨ ਖਾਧਾ ਜਾਵੇ ।

4. ਮਿੱਟੀ ਦੀ ਸਿਹਤ ਸੁਧਾਰਨ ਵਿੱਚ ਜੈਵਿਕ ਮਾਦੇ ਦਾ ਕੀ ਰੋਲ ਹੈ ਅਤੇ ਇਸ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ।

5. ਘਰੇਲੂ ਬਗੀਚੀ ਵਿੱਚੋਂ ਪੂਰਾ ਸਾਲ ਜਹਿਰਮੁਕਤ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਸਬਜ਼ੀਆਂ ਪ੍ਰਾਪਤ ਕਰਨ ਲਈ ਕਿਸ ਤਰ੍ਹਾਂ ਦਾ ਡਿਜ਼ਾਈਨ ਅਤੇ ਕੀ ਵਿਉਂਤਬੰਦੀ ਕੀਤੀ ਜਾਵੇ । ਦੇਸੀ ਬੀਜਾਂ ਦੀ ਮਹੱਤਤਾ ।

6. ਕੀ ਹੈ ਕੀਟ ਚੱਕਰ ਅਤੇ ਕੀਟਾਂ ਦਾ ਜਹਿਰਮੁਕਤ ਬੰਦੋਬਸਤ ਕਿਵੇਂ ਕੀਤਾ ਜਾ ਸਕਦਾ ਹੈ ।

7. ਖੇਤੀ ਵਿੱਚ ਰੁੱਖਾਂ ਦੀ ਜਰੂਰਤ, ਮਹੱਤਤਾ ਅਤੇ ਖੇਤਾਂ ਵਿੱਚ ਰੁੱਖ ਲਗਾਉਣ ਦੀਆਂ ਅਲੱਗ ਅਲੱਗ ਵਿਧੀਆਂ

8. ਫੂਡ ਬੈਂਕ ਦਾ ਸਿਧਾਂਤ ਕੀ ਹੈ ਅਤੇ ਇਸਦਾ ਡਿਜ਼ਾਈਨ ਕੀ ਹੋਣਾ ਚਾਹੀਦਾ

9. ਨਦੀਨ ਦੋਸਤ ਜਾਂ ਦੁਸ਼ਮਨ, ਨਦੀਨ ਪਰਬੰਧਨ ਲਈ ਕਿਸ ਤਰ੍ਹਾਂ ਦੇ ਮਸ਼ੀਨੀਕਰਨ ਦੀ ਜਰੂਰਤ ਹੈ ।

10 ਕੁਦਰਤ ਪੱਖੀ ਰਿਹਾਇਸ਼ ਅਤੇ ਮਿੱਟੀ ਦੇ ਮਕਾਨ ਬਣਾਉਣ ਦੀ ਕਲਾ, ਮਾਰਕੀਟਿੰਗ, ਪਰੋਸੈਸਿੰਗ

ਟਿਕਾਊ ਖੇਤੀ ਪ੍ਰੈਕਟੀਕਲ ਕੋਰਸ


ਟਿਕਾਊ ਖੇਤੀ ਨੂੰ ਸਿਧਾਂਤਿਕ ਪੱਖ ਦੇ ਨਾਲ ਨਾਲ ਪ੍ਰੈਕਟੀਕਲ ਪੱਖ ਤੋਂ ਵੀ ਸਿੱਖਣ ਲਈ ਇਹ ਕੋਰਸ ਡਿਜ਼ਾਈਨ ਕੀਤਾ ਗਿਆ ਹੈ । ਇਹ ਕੋਰਸ ਇੱਕ ਮਹੀਨੇ ਦਾ ਹੈ ਅਤੇ ਇਸ ਦੀ ਕੋਈ ਫੀਸ ਨਹੀਂ ਹੈ । ਇਸ ਕੋਰਸ ਤਹਿਤ ਟ੍ਰੇਨੀ ਨੂੰ ਰਹਿਣ ਲਈ ਬੁਨਿਆਦੀ ਰਿਹਾਇਸ਼ ਅਤੇ ਖਾਣ ਲਈ ਜਹਿਰਮੁਕਤ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ ਬਦਲੇ ਵਿੱਚ ਟ੍ਰੇਨੀ ਨੇ ਹਰ ਰੋਜ਼ ਛੇ ਘੰਟੇ ਫਾਰਮ ਦੀਆਂ ਖੇਤੀਬਾੜੀ ਗਤੀਵਿਧੀਆਂ ਵਿੱਚ ਮਦਦ ਕਰਨੀ ਹੁੰਦੀ ਹੈ । ਟ੍ਰੇਨੀ ਤੋਂ ਪੰਜ ਹਜ਼ਾਰ ਰੁਪਏ ਰੀਫੰਡਏਬਲ ਸਿਕਊਰਟੀ ਲਈ ਜਾਂਦੀ ਹੈ ਜੇਕਰ ਟ੍ਰੇਨੀ ਇੱਕ ਮਹੀਨਾਂ ਲਗਾਤਾਰ ਪੂਰਾ ਨਹੀਂ ਕਰਦਾ ਤਾਂ ਇਹ ਸਿਕਊਰਟੀ ਜਬਤ ਹੋ ਜਾਂਦੀ ਹੈ । ਪੂਰੇ ਸਾਲ ਭਰ ਦੌਰਾਨ ਕਿਸੇ ਵੀ ਸਮੇਂ ਫਾਰਮ ਵੱਲੋਂ ਸੀਟ ਦੀ ਉੱਪਲਬਧਤਾ ਦੇ ਅਧਾਰ ਤੇ ਇਹ ਕੋਰਸ ਅਗਾਊਂ ਰਜਿਸਟ੍ਰੇਸ਼ਨ ਕਰਵਾ ਕਿ ਜੌਆਇਨ ਕੀਤਾ ਜਾ ਸਕਦਾ ਹੈ ।

ਰਜਿਸਟ੍ਰੇਸ਼ਨ ਕਰਵਾਉਣ ਲਈ ਇਹ ਫਾਰਮ (Form) ਭਰਿਆ ਜਾਵੇ । 24 ਘੰਟਿਆਂ ਦੌਰਾਨ ਤੁਹਾਨੂੰ ਵਟਸਐਪ ਮੈਸੇਜ ਰਾਹੀਂ ਰਿਸਪਾਂਸ ਪ੍ਰਾਪਤ ਹੋਵੇਗਾ