ਸਿੱਖਿਆ ਦਾ ਇਤਿਹਾਸ ਅਤੇ ਪ੍ਰਾਰੰਭਕ ਰੂਪ
ਸਿੱਖਿਆ ਸ਼ਬਦ ਦਾ ਸਿੱਖਣ ਅਤੇ ਸਿਖਾਉਣ, ਦੋ ਸ਼ਬਦਾਂ ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ । ਜੇਕਰ ਸਕੂਲੀ ਸਿੱਖਿਆ ਦੀ ਗੱਲ ਕਰੀਏ ਤਾਂ ਇਹ ਸਿੱਖਣ ਅਤੇ ਸਿਖਾਉਣ ਦੇ ਸਮੇਲ ਤੋਂ ਸ਼ੁਰੂ ਹੋ ਕਿ ਹੁਣ ਸਿਰਫ਼ ਸਿਖਾਉਣ ਤੱਕ ਸੀਮਤ ਰਹਿ ਗਈ ਹੈ । ਸਕੂਲੀ ਸਿੱਖਿਆ ਦੇ ਮੌਜੂਦਾ ਹਾਲਾਤ ਨੂੰ ਸਮਝਣ ਲਈ ਅਸੀਂ ਇਸ ਦੇ ਇਤਿਹਾਸਿਕ ਪੱਖ 'ਤੇ ਨਿਗ੍ਹਾ ਮਾਰਦੇ ਹਾਂ । ਜ਼ਿਆਦਾ ਨਹੀਂ ਸੌ ਸਾਲ ਪਿੱਛੇ ਚਲੇ ਜਾਈਏ ਤਾਂ ਪੰਜਾਬ ਦੀ ਜ਼ਿਆਦਾਤਰ ਆਬਾਦੀ ਪਿੰਡਾਂ ਵਿੱਚ ਰਹਿੰਦੀ ਸੀ । ਪਿੰਡਾਂ ਵਿੱਚ ਰਹਿਣ ਵਾਲੀ ਇਸ ਆਬਾਦੀ ਦਾ ਕਿੱਤਾ ਖੇਤੀਬਾੜੀ ਸੀ , ਪਰਿਵਾਰ ਸੰਯੁਕਤ ਸਨ ਅਤੇ ਕੁਦਰਤੀ ਜੀਵਨ ਸ਼ੈਲੀ ਸੀ । ਇਸ ਪਰਿਵਾਰ ਵਿੱਚ ਪੈਦਾ ਹੋਇਆ ਬੱਚਾ ਮੁੱਢਲਾ ਗਿਆਨ ਅਪਣੇ ਪਰਿਵਾਰ ਤੋਂ ਸਿੱਖਦਾ ਸੀ । ਜੋ ਗਿਆਨ ਪਰਿਵਾਰ ਪਾਸ ਨਹੀਂ ਸੀ ਉਹ ਸਿੱਖਣ ਲਈ ਬੱਚੇ ਨੂੰ ਸਕੂਲ ਭੇਜਿਆ ਜਾਂਦਾ ਸੀ । ਬੱਚਾ ਪਰਿਵਾਰ ਤੋਂ ਅਪਣੀਆਂ ਪੰਜ ਗਿਆਨ ਇੰਦਰੀਆਂ( ਦੇਖ ਕੇ, ਸੁਣ ਕੇ, ਸੁੰਘ ਕੇ, ਸਵਾਦ ਅਤੇ ਚਮੜੀ ਦੇ ਸਪਰਸ਼ )ਰਾਹੀਂ ਸਿੱਖਦਾ ਸੀ ਅਤੇ ਸਕੂਲ ਤੋਂ ਕਿਤਾਬੀ ਗਿਆਨ ਸਿੱਖਦਾ ਸੀ ।
ਹੌਲ਼ੀ ਹੌਲ਼ੀ ਸਮੇਂ ਦੇ ਵਹਾਅ ਨਾਲ ਬੱਚੇ ਨੇ ਜੋ ਹੁਨਰ ਅਪਣੀਆਂ ਗਿਆਨ ਇੰਦਰੀਆਂ ਰਾਹੀਂ ਪਰਿਵਾਰ ਤੋਂ ਸਿੱਖਣਾਂ ਸੀ ਉਹ ਘਟਦਾ ਗਿਆ ਅਤੇ ਇਹ ਹੁਨਰ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਸਕੂਲ ਵੱਲ ਸ਼ਿਫ਼ਟ ਹੁੰਦੀ ਗਈ । ਇਸ ਧਰਤੀ ਉੱਪਰ ਮਨੁੱਖ ਤੋਂ ਇਲਾਵਾ ਕਿਸੇ ਵੀ ਜੀਵ ਦਾ ਬੱਚਾ ਸਿੱਖਣ ਲਈ ਸਕੂਲ ਨਹੀਂ ਜਾਂਦਾ ਉਹ ਅਪਣੀਆਂ ਗਿਆਨ ਇੰਦਰੀਆਂ ਰਾਹੀਂ ਕੁਦਰਤ ਦੁਆਰਾ ਬਖ਼ਸ਼ੇ ਤਿੰਨੋ ਤਰ੍ਹਾਂ ਦੇ ਗਿਆਨ
- (1) ਅਪਣੇ ਭੋਜਨ ਦਾ ਪ੍ਰਬੰਧ ਕਰਨਾ
- (2) ਅਪਣੇ ਆਪ ਨੂੰ ਦੁਸ਼ਮਣਾਂ ਤੋਂ ਬਚਾਉਣਾ
- (3) ਅਪਣੇ ਬੱਚੇ ਪੈਦਾ ਕਰਨਾ
ਅਪਣੇ ਆਪ ਸਿੱਖ ਜਾਂਦਾ ਹੈ । ਪੁਰਾਣੇ ਸਮਿਆਂ ਵਿੱਚ ਜ਼ਿਆਦਾਤਰ ਪਰਿਵਾਰਾਂ ਦਾ ਕਿੱਤਾ ਖੇਤੀਬਾੜੀ ਸੀ ਅਤੇ ਇਸ ਪਰਿਵਾਰ ਵਿੱਚ ਜਨਮਿਆ ਬੱਚਾ ਪਰਿਵਾਰ ਦੀ ਰੋਜ਼ਮਰਾ ਦੀ ਜੀਵਨ ਸ਼ੈਲੀ ਨੂੰ ਦੇਖਕੇ ਅਪਣੀਆਂ ਪੰਜੋ ਗਿਆਨ ਇੰਦਰੀਆਂ ਦੀ ਮਦਦ ਨਾਲ ਅਪਣੇ ਪਰਿਵਾਰ ਅਤੇ ਕੁਦਰਤ ਤੋਂ ਜ਼ਿੰਦਗੀ ਜਿਉਣ ਦਾ ਹੁਨਰ ਅਪਣੇ ਆਪ ਸਿੱਖ ਜਾਂਦਾ ਸੀ ।
ਕੁਦਰਤ ਨਾਲ ਮਨੁੱਖ ਦਾ ਸਾਂਝ ਅਤੇ ਇਸਦੀ ਦੁਨੀਆ ਦਾ ਪੁਨਰਸਿਰਜਨ
ਮਨੁੱਖ ਕੁਦਰਤ ਦੀ ਗੋਦ ਵਿੱਚ ਰਹਿਣ ਵਾਲਾ ਜੀਵ ਹੈ । ਜਦੋਂ ਇਹ ਕੁਦਰਤ ਦੀ ਗੋਦ ਤੋਂ ਦੂਰ ਸ਼ਹਿਰ ਵਿੱਚ ਕੰਕਰੀਟ ਦੀ ਦੁਨੀਆਂ ਵਿੱਚ ਰਹਿਣ ਲੱਗਦਾ ਹੈ ਤਾਂ ਇਹ ਉਦਾਸ ਅਤੇ ਤਣਾਅ ਵਿੱਚ ਆ ਜਾਂਦਾ ਹੈ । ਇਸ ਉਦਾਸੀ ਅਤੇ ਤਣਾਅ ਨੂੰ ਘੱਟ ਕਰਨ ਲਈ ਜੰਗਲ ਵਰਗੀ ਦੁਨੀਆਂ ਨੂੰ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ।
- (1) ਇਸਨੂੰ ਪੰਛੀਆਂ ਨੂੰ ਚੋਗ਼ਾ ਪਾਉਣਾ ਚੰਗਾ ਲੱਗਦਾ ਹੈ
- (2) ਇਸ ਨੂੰ ਅਸਮਾਨ ਦੇ ਤਾਰੇ ਦੇਖਣੇ ਚੰਗੇ ਲੱਗਦੇ ਹਨ
- (3) ਇਸ ਨੂੰ ਲੇਕ ਤੇ ਬੈਠਣਾ ਚੰਗਾ ਲੱਗਦਾ ਹੈ -ਇਹ ਅਪਣੇ ਘਰ ਗਮਲਿਆਂ ਵਿੱਚ ਫੁੱਲ ਲਗਾਉਂਦਾ ਹੈ
- (4) ਇਹ ਘਰ ਵਿੱਚ ਕੁੱਤਾ ਪਾਲਦਾ ਹੈ ।
ਇਹ ਸਭ ਉਹ ਕਾਰਜ ਹਨ ਜਿਨ੍ਹਾਂ ਰਾਹੀਂ ਇਹ ਕੁਦਰਤ ਨੂੰ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ।
ਕੁਦਰਤ ਨਾਲ ਸਾਂਝ ਲਈ ਫਾਰਮ ਸਕੂਲ ਦੀ ਮਹੱਤਤਾ
ਸਮੇਂ ਦੇ ਵਹਾਅ ਨਾਲ ਮਨੁੱਖ ਦੀ ਜੀਵਨ ਸ਼ੈਲੀ ਵਿੱਚ ਜ਼ਬਰਦਸਤ ਤਬਦੀਲੀ ਆਈ । ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਿੰਡਾਂ ਵਿੱਚ ਖੇਤੀਬਾੜੀ ਕਰਨ ਵਾਲੇ ਪਰਿਵਾਰ ਪਿੰਡ ਛੱਡ ਕਿ ਸ਼ਹਿਰਾਂ ਵਿੱਚ ਰਹਿਣ ਲੱਗ ਪਏ । ਜੇਕਰ ਉਹ ਪਿੰਡਾਂ ਵਿੱਚ ਵੀ ਰਹਿੰਦੇ ਹਨ ਤਾਂ ਵੀ ਉਹਨਾਂ ਦੀ ਜੀਵਨ ਸ਼ੈਲੀ ਸ਼ਹਿਰੀਆਂ ਵਰਗੀ ਹੋ ਗਈ । ਹੁਣ ਦੇ ਸਮੇਂ ਵਿੱਚ ਜੇਕਰ ਮਾਪਿਆ ਨੇ ਆਪਣੇ ਬੱਚੇ ਨੂੰ ਕੁਦਰਤ ਦੀ ਗੋਦ ਵਿੱਚ ਰੱਖਕੇ ਕੁਦਰਤ ਤੋਂ ਖ਼ੁਦ ਸਿੱਖਣ ਦਾ ਅਹਿਸਾਸ ਕਰਵਾਉਣਾ ਹੋਵੇ ਤਾਂ ਪੰਜਾਬ ਵਿੱਚ ਉਹਨਾਂ ਕੋਲ ਕੋਈ ਵਿਕਲਪ ਨਹੀਂ ਹੈ ।
ਪਰਿਵਾਰ ਅਤੇ ਬੱਚੇ ਦਾ ਕੁਦਰਤ ਤੋਂ ਦੂਰ ਜਾਣ ਦਾ ਨਤੀਜਾ ਇਹ ਹੋਇਆ ਕਿ ਸਾਡੇ ਬੱਚੇ ਤਣਾਅ ਅਤੇ ਬੋਝ ਹੇਠ ਜਿਉਂ ਰਹੇ ਹਨ । ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਬੁਰੀ ਤਰ੍ਹਾਂ ਨਾਲ ਗਿਰਾਵਟ ਆਈ ਹੈ । ਉਹਨਾਂ ਦਾ ਸੁਭਾਅ ਜ਼ਿੱਦੀ ਅਤੇ ਚਿੜਚਿੜਾ ਹੋ ਰਿਹਾ ਹੈ । ਸਿੱਖਿਆ ਦੇ ਨਾਲ ਨਾਲ ਮਨੋਰੰਜਨ ਵੀ ਸਕਰੀਨ ਵਿੱਚੋਂ ਹੀ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਘਰ ਸਕੂਲ ਹਰ ਜਗ੍ਹਾ ਸਕਰੀਨ ਦੇਖਣ ਨਾਲ ਬੱਚਿਆਂ ਦੇ ਐਨਕਾਂ ਲੱਗ ਰਹੀਆਂ ਹਨ ।
ਜੇਕਰ ਤੁਸੀਂ ਆਪਣੇ ਬੱਚੇ ਨੂੰ ਕੁੱਝ ਸਮਾਂ ਕੁਦਰਤ ਦੀ ਗੋਦ ਵਿੱਚ ਰੱਖ ਕਿ ਉਸਨੂੰ ਖ਼ੁਦ ਅਪਣੀਆਂ ਗਿਆਨ ਇੰਦਰੀਆਂ ਰਾਹੀਂ ਸਿੱਖਣ ਦਾ ਮੌਕਾ ਪ੍ਰਦਾਨ ਕਰਨਾ ਚਾਹੁੰਦੇ ਹੋ ਤਾਂ ਸੋਹਣਗੜ੍ਹ ਫਾਰਮਵਰਸਿਟੀ ਵਿਖੇ ਅਸੀਂ ਫਾਰਮ ਸਕੂਲ ਦੀ ਸ਼ੁਰੂਆਤ ਕੀਤੀ ਹੈ । ਇਸ ਫਾਰਮ ਸਕੂਲ ਵਿੱਚ ਅਸੀਂ ਕੋਈ ਕਿਤਾਬੀ ਗਿਆਨ ਨਹੀਂ ਦਿੰਦੇ । ਅਸੀਂ ਬੱਚੇ ਨੂੰ ਕੁਦਰਤ ਦੀ ਗੋਦ ਅਤੇ ਜੰਗਲ ਵਰਗਾ ਮਾਹੌਲ ਪ੍ਰਦਾਨ ਕਰਦੇ ਹਾਂ ਜਿੱਥੇ ਬੱਚਾ ਫਸਲਾਂ, ਰੁੱਖਾਂ, ਜਾਨਵਰਾਂ, ਪੰਛੀਆਂ ਦੀ ਸੰਗਤ ਤੋਂ ਅਪਣਾ ਭੋਜਨ ਪੈਦਾ ਕਰਨ ਤੋਂ ਲੈ ਕੇ ਜਾਨਵਰਾਂ ਨਾਲ ਮਨੁੱਖਾਂ ਦੇ ਰਿਸ਼ਤਿਆਂ ਨੂੰ ਗਹਿਰਾਈ ਨਾਲ ਸਮਝਦਾ ਹੈ । ਅਜੋਕਾ ਵਿਗਿਆਨ ਵੀ ਇਸ ਗੱਲ ਦਾ ਮੁੱਦਈ ਹੈ ਕਿ ਬੱਚੇ ਦੇ ਸਰੀਰਕ, ਮਾਨਸਿਕ ਅਤੇ ਚਰਿੱਤਰ ਦੇ ਵਿਕਾਸ ਲਈ ਬੱਚੇ ਦਾ ਸਿਹਤਮੰਦ ਮਿੱਟੀ ਵਿੱਚ ਖੇਡਣਾ ਬਹੁਤ ਜ਼ਰੂਰੀ ਹੈ । ਅਸੀਂ ਬੱਚੇ ਨੂੰ ਖੇਡਣ ਲਈ ਐਸੀ ਤੰਦਰੁਸਤ ਅਤੇ ਸਿਹਤਮੰਦ ਮਿੱਟੀ ਪ੍ਰਦਾਨ ਕਰਦੇ ਹਾਂ ਜਿੱਥੇ ਪਿਛਲੇ ਬਾਰਾਂ ਸਾਲਾਂ ਤੋਂ ਕੋਈ ਜ਼ਹਿਰ ਨਹੀਂ ਪਾਇਆ ਗਿਆ ।
ਫਾਰਮ ਸਕੂਲ ਵਿਖੇ ਬੱਚਿਆਂ ਲਈ ਹੇਠ ਲਿਖੇ ਪ੍ਰੋਗਰਾਮ ਡਿਜ਼ਾਈਨ ਕੀਤੇ ਗਏ ਹਨ
ਵੰਨ ਡੇ ਐਕਸਪੋਸਰ ਵਿਜਿਟ
ਬੱਚਿਆਂ ਨੂੰ ਕੁਦਰਤ ਦੀ ਸਿਰਜਣਾ (ਫਸਲਾਂ,ਰੁੱਖਾਂ, ਜੜੀ ਬੂਟੀਆਂ,ਜਾਨਵਰਾਂ, ਪੰਛੀਆਂ ਆਦਿ) ਦੀ ਜਾਣ ਪਹਿਚਾਣ ਕਰਾਉਣ ਦੇ ਮਕਸਦ ਨਾਲ ਵੰਨ ਡੇ ਐਕਸਪੋਜਰ ਵਿਜਿਟ ਡਿਜ਼ਾਈਨ ਕੀਤੀ ਗਈ ਹੈ । ਜਾਣ ਪਹਿਚਾਣ ਤੋਂ ਇਲਾਵਾ ਮਨੁੱਖ ਦੇ ਕੁਦਰਤ ਤੋਂ ਦੂਰ ਜਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਇੱਕ ਘੰਟੇ ਦਾ ਲੈਕਚਰ ਦਿੱਤਾ ਜਾਂਦਾ ਹੈ । ਘੱਟੋ ਘੱਟੋ-ਘੱਟ 15 ਬੱਚਿਆਂ ਦਾ ਗਰੁੱਪ ਹੋਣਾਂ ਚਾਹੀਦਾ ਹੈ ਅਤੇ ਵਿਜਿਟ ਲਈ ਪਹਿਲਾਂ ਤੋਂ ਬੁਕਿੰਗ ਕਰਵਾਉਣੀ ਜ਼ਰੂਰੀ ਹੈ । ਇਸ ਕੈਟਾਗਰੀ ਤਹਿਤ ਪ੍ਰਤੀ ਬੱਚਾ 100 ਰੁਃ ਚਾਰਜ ਕੀਤਾ ਜਾਂਦਾ ਹੈ ਅਤੇ ਹਰਬਲ ਚਾਹ ਦਾ ਕੱਪ ਮੁਹੱਈਆ ਕਰਵਾਇਆ ਜਾਂਦਾ ਹੈ ।
ਵੀਕਐਂਡ ਕਲਾਸ
ਇਸ ਕਲਾਸ ਰਾਹੀਂ ਬੱਚੇ ਨੂੰ ਸਰੀਰਕ ਤੌਰ ਤੇ ਕੁਦਰਤ ਦੀ ਹਰ ਰਚਨਾ, ਫਸਲਾਂ, ਰੁੱਖਾਂ, ਪਸ਼ੂ, ਪੰਛੀਆਂ, ਨਦੀਨਾਂ ਅਤੇ ਜੜੀ ਬੂਟੀਆਂ ਦੀ ਜਾਣ-ਪਹਿਚਾਣ ਕਰਵਾਈ ਜਾਂਦੀ ਹੈ । ਇਸ ਕਲਾਸ ਦਾ ਸਮਾਂ ਸ਼ਨੀਵਾਰ ਸ਼ਾਮ ਤੋਂ ਲੈ ਕੇ ਐਤਵਾਰ ਬਾਅਦ ਦੁਪਹਿਰ ਤੱਕ ਹੈ । ਮਾਪੇ ਆਪਣੇ ਬੱਚੇ ਸਮੇਤ ਫਾਰਮ ਤੇ ਰੁਕਣਗੇ । ਰਾਤ ਰੁਕਣ ਲਈ ਟੈਂਟ ਪ੍ਰਦਾਨ ਕੀਤਾ ਜਾਵੇਗਾ । ਤਿੰਨ ਵਕਤ ਦਾ ਜ਼ਹਿਰ ਮੁਕਤ ਖਾਣਾ ਉਪਲਬਧ ਕਰਵਾਇਆ ਜਾਵੇਗਾ । ਜੇਕਰ ਮਾਪੇ ਰਾਤ ਰੁਕਣ ਲਈ ਕਮਰਾ ਲੈਣਾ ਚਾਹੁੰਦੇ ਹਨ ਤਾਂ ਉਸ ਲਈ ਅਲੱਗ ਤੋਂ ਅਦਾ ਕਰਨਾ ਪਵੇਗਾ । ਇਸ ਕਲਾਸ ਦੀ ਫੀਸ 1500 ਰੁਪਏ ਸਮੇਤ ਭੋਜਨ ਅਤੇ ਰਿਹਾਇਸ਼ ਹੈ । ਮਾਪਿਆਂ ਦਾ ਭੋਜਨ ਅਤੇ ਰਿਹਾਇਸ਼ ਵੀ ਇਸ ਪੈਕੇਜ ਵਿੱਚ ਸ਼ਾਮਲ ਹੈ ।
ਹਫ਼ਤਾਵਾਰੀ ਕਲਾਸ
ਇਸ ਕਲਾਸ ਰਾਹੀਂ ਮਨੁੱਖ ਦੇ ਕੁਦਰਤ ਅਤੇ ਇਸ ਦੀ ਹਰ ਰਚਨਾ ਨਾਲ ਰਿਸ਼ਤਿਆਂ ਦੀ ਗੱਲ ਕੀਤੀ ਜਾਂਦੀ ਹੈ ਅਤੇ ਸਹਿਹੋਂਦ ਵਿੱਚ ਰਹਿਣਾ ਸਿਖਾਇਆ ਜਾਂਦਾ ਹੈ । ਬਿਨਾਂ ਕਿਸੇ ਵੀ ਜੀਵ ਵਨਸਪਤੀ ਨੂੰ ਨੁਕਸਾਨ ਪਹੁੰਚਾਇਆਂ ਕਿਵੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਚਲਦਿਆਂ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ । ਇਸ ਕਲਾਸ ਦਾ ਸਮਾਂ ਇੱਕ ਹਫ਼ਤਾ ਹੈ । ਬੱਚੇ ਨੂੰ ਇੱਕ ਦਿਨ ਇੱਕ ਵਿਭਾਗ ਵਿੱਚ ਬਤੀਤ ਕਰਨ ਅਤੇ ਸਿੱਖਣ ਲਈ ਉਸ ਵਿਭਾਗ ਦੇ ਮੁਖੀ ਨਾਲ ਬਤੌਰ ਹੈਲਪਰ ਸ਼ਾਮਲ ਕੀਤਾ ਜਾਂਦਾ ਹੈ ।
ਇਹ ਸੱਤ ਵਿਭਾਗ ਹਨ
- (1) ਖੇਤੀਬਾੜੀ
- (2) ਪਸ਼ੂ ਪੰਛੀ ਅਤੇ ਜਾਨਵਰ
- (3) ਟੂਰਿਜ਼ਮ
- (4) ਰਸੋਈ
- (5) ਫੂਡ ਪਰੋਸੈਸਿੰਗ
- (6) ਨਰਸਰੀ
- (7) ਮੱਖੀ ਪਾਲਣ
ਬੱਚੇ ਦੀ ਉਮਰ ਦਸ ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ । ਇਸ ਕਲਾਸ ਦੀ ਫੀਸ ਦਸ ਹਜ਼ਾਰ ਰੁਪਏ (ਸਮੇਤ ਭੋਜਨ ਅਤੇ ਰਿਹਾਇਸ਼) ਹੈ । ਮਾਪਿਆਂ ਨੂੰ ਅਪਣੇ ਭੋਜਨ ਅਤੇ ਰਿਹਾਇਸ਼ ਲਈ ਅਲੱਗ ਤੋਂ ਅਦਾ ਕਰਨਾ ਪਵੇਗਾ । ਅਪਣੀ ਸਹੂਲਤ ਮੁਤਾਬਕ ਇਸ ਕਲਾਸ ਨੂੰ ਹਫ਼ਤੇ ਦੇ ਕਿਸੇ ਵੀ ਦਿਨ ਜੁਆਇੰਨ ਕੀਤਾ ਜਾ ਸਕਦਾ ਹੈ ।
ਮਹੀਨਾਵਾਰ ਪ੍ਰੈਕਟੀਕਲ ਕੋਰਸ
ਬੱਚਿਆਂ ਨੂੰ ਮਿੱਟੀ ਵਿੱਚੋਂ ਅਪਣਾ ਖਾਣਾ ਖ਼ੁਦ ਪੈਦਾ ਕਰਨ ਦਾ ਪ੍ਰੈਕਟੀਕਲ ਗਿਆਨ ਦੇਣ ਦੇ ਮਕਸਦ ਨਾਲ ਇਹ ਕੋਰਸ ਡਿਜ਼ਾਈਨ ਕੀਤਾ ਗਿਆ ਹੈ । ਇਸ ਇੱਕ ਮਹੀਨੇ ਦੇ ਪ੍ਰੈਕਟੀਕਲ ਕੋਰਸ ਵਿੱਚ ਬੱਚੇ ਨੂੰ ਸਬਜ਼ੀਆਂ ਉਗਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ । ਕਿਚਨ ਗਾਰਡਨ ਅਤੇ ਛੱਤ ਉੱਪਰ ਸਬਜ਼ੀਆਂ ਉਗਾਉਣ ਦੀ ਸਾਰੀ ਪ੍ਰਕਿਰਿਆ ਸਮਝਾਈ ਜਾਂਦੀ ਹੈ । ਮਾਪਿਆਂ ਦੀ ਇੱਛਾ ਮੁਤਾਬਕ ਇਸ ਕੋਰਸ ਵਿੱਚ ਕੋਈ ਹੋਰ ਵਿਸ਼ਾ ਵੀ ਸ਼ਾਮਲ ਕੀਤਾ ਜਾ ਸਕਦਾ ਹੈ । ਇਸ ਕੋਰਸ ਦੀ ਫੀਸ ਵੀਹ ਹਜ਼ਾਰ ਰੁਪਏ (ਸਮੇਤ ਭੋਜਨ ਅਤੇ ਰਿਹਾਇਸ਼) ਹੈ ।