ਸਾਡੇ ਬਾਰੇ

ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਉਸ ਪੇਂਡੂ ਖੇਤਰ ਵਿੱਚ ਸਥਿਤ ਹਾਂ ਜੋ ਅਜੇ ਵੀ ਚਾਰ ਮਾਰਗੀ ਸੜਕਾਂ, ਬਹੁ-ਮੰਜ਼ਿਲਾ ਇਮਾਰਤਾਂ ਅਤੇ ਸੰਘਣੀ ਆਬਾਦੀ ਤੋਂ ਦੂਰ ਹੈ।

ਟਿਕਾਊ ਖੇਤੀ

ਮਰਹੂਮ ਸ਼੍ਰੀ ਓ ਪੀ ਰੁਪੇਲਾ, ਭੂਮੀ ਵਿਗਿਆਨੀ ICRISAT ਹੈਦਰਾਬਾਦ ਦੀ ਯੋਗ ਅਗਵਾਈ ਹੇਠ ਅਸੀਂ 20 ਏਕੜ ਜ਼ਮੀਨ ਵਿੱਚ 2013 ਤੋਂ ਜਹਿਰ ਮੁਕਤ ਖੇਤੀ ਦਾ ਅਭਿਆਸ ਕਰ ਰਹੇ ਹਾਂ। 2023 ਵਿੱਚ ਅਸੀਂ ਇਸ ਫਾਰਮ ਨੂੰ ਫਾਰਮਵਰਸਿਟੀ ਵਿੱਚ ਤਬਦੀਲ ਕੀਤਾ ਅਤੇ ਟਿਕਾਊ ਖੇਤੀ ਦੇ ਸਿਧਾਂਤ ਤੇ ਚਲਦਿਆਂ ਮਿੱਟੀ ਵਿਚਲੇ ਖੁਰਾਕੀ ਤੱਤਾਂ ਨੂੰ ਸਾਲ ਦਰ ਸਾਲ ਘਟਣ ਤੋਂ ਰੋਕਿਆ ਗਿਆ ਹੈ ।

ਜੈਵ ਵਿਭਿੰਨਤਾ

ਵਨਸਪਤੀ ਅਤੇ ਜੀਵਾਂ ਵਿੱਚ ਜੈਵ-ਵਿਭਿੰਨਤਾ ਸੋਹਣਗੜ੍ਹ ਫਾਰਮਵਰਸਿਟੀ ਦੀ ਤਾਕਤ ਹੈ। ਕੁਦਰਤ ਦੀ ਬਣਾਈ ਹਰ ਰਚਨਾ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ । ਫਾਰਮ ਨੂੰ ਜੰਗਲ ਵਰਗੀ ਜੈਵ ਵਿਭਿੰਨਤਾ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ।

ਹਰਬਲ ਪਾਰਕ

ਮੌਜੂਦਾ ਚੱਲ ਰਹੇ ਖੇਤੀ ਮਾਡਲ ਵਿੱਚ ਨਦੀਨ ਨਾਸ਼ਕ ਜਹਿਰਾਂ ਦੇ ਛਿੜਕਾਅ ਨਾਲ ਬਹੁਤ ਹੀ ਕੀਮਤੀ ਜੜੀ ਬੂਟੀਆਂ ਅਲੋਪ ਹੋ ਗਈਆਂ ਅਤੇ ਇਹਨਾਂ ਨੂੰ ਨਦੀਨ ਕਹਿ ਕੇ ਦੁਰਕਾਰਿਆ ਜਾਂਦਾ ਹੈ । ਫਾਰਮ ਦੇ ਹਰਬਲ ਪਾਰਕ ਵਿਖੇ 100 ਤੋਂ ਵੱਧ ਕਿਸਮਾਂ ਦੀਆਂ ਜੜੀਆਂ ਬੂਟੀਆਂ ਦੇਖੀਆਂ ਜਾ ਸਕਦੀਆਂ ਹਨ |

ਸਿਖਲਾਈ ਕੇਂਦਰ

ਟਿਕਾਊ ਖੇਤੀ ਦੀ ਖੋਜ ਅਤੇ ਸਿਖਲਾਈ ਲਈ ਡਾ: ਓਮ ਪ੍ਰਕਾਸ਼ ਰੂਪੇਲਾ ਸੈਂਟਰ ਫਾਰ ਨੈਚੁਰਲ ਫਾਰਮਿੰਗ ਦੀ ਸਥਾਪਨਾ ਕੀਤੀ ਗਈ ਹੈ । ਇਸ ਟ੍ਰੇਨਿੰਗ ਸੈਂਟਰ ਤੋਂ ਸਾਲ ਵਿੱਚ ਚਾਰ ਵਾਰ ਤਿੰਨ ਦਿਨਾਂ ਟਿਕਾਊ ਖੇਤੀ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਜਾਂਦੀ ਹੈ

ਕਿਚਨ ਗਾਰਡਨ

ਘਰੇਲੂ ਜਰੂਰਤ ਲਈ ਸਬਜ਼ੀਆਂ ਪੈਦਾ ਕਰਨ ਲਈ ਫਾਰਮ ਉੱਪਰ ਕਿਚਨ ਗਾਰਡਨ ਤਿਆਰ ਕੀਤਾ ਗਿਆ ਹੈ। 25 ਮਰਲੇ ਦੇ ਇਸ ਕਿਚਨ ਗਾਰਡਨ ਵਿੱਚ ਤੁਸੀਂ 25 ਤੋਂ ਉੱਪਰ ਸਬਜ਼ੀਆਂ ਦੀ ਕਾਸ਼ਤ ਦੇਖ ਸਕਦੇ ਹੋ।

ਬੀਜ ਬੈਂਕ

ਪੁਰਾਤਨ ਦੇਸੀ ਬੀਜਾਂ ਦੀ ਪੈਦਾਵਾਰ ਭਾਵੇਂ ਘੱਟ ਹੁੰਦੀ ਸੀ ਪਰੰਤੂ ਇਹਨਾਂ ਵਿੱਚ ਕੁਦਰਤੀ ਔਖੇ ਹਾਲਾਤਾਂ ਖਿਲਾਫ ਲੜਨ ਦੀ ਜਬਰਦਸਤ ਸਮਰੱਥਾ ਹੁੰਦੀ ਸੀ । ਟਿਕਾਊ ਖੇਤੀ ਵਿੱਚ ਸਿਰਫ਼ ਪੁਰਾਤਨ ਦੇਸੀ ਬੀਜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦੇਸੀ ਬੀਜਾਂ ਨੂੰ ਬਚਾਉਣ ਲਈ ਫਾਰਮ ਉੱਪਰ ਅਪਣਾ ਦੇਸੀ ਬੀਜ ਬੈਂਕ ਸਥਾਪਤ ਕੀਤਾ ਗਿਆ ਹੈ।

ਐਗਰੋ ਫੋਰੈਸਟਰੀ

ਜੰਗਲਾਤ ਖੇਤੀ ਵੀ ਅਜੋਕੇ ਸਮੇਂ ਵਿੱਚ ਕਾਫੀ ਚਰਚਾ ਵਿੱਚ ਹੈ। ਸਾਡੇ ਫਾਰਮ ਤੇ ਤੁਸੀਂ ਜਗਲਾਤ ਖੇਤੀ ਦੇ ਵੱਖ-ਵੱਖ ਮਾਡਲ ਦੇਖ ਸਕਦੇ ਹੋ ।ਰੁੱਖਾਂ ਤੋਂ ਪ੍ਰਾਪਤ ਲੱਕੜ ਤੋਂ ਅੱਗੇ ਵਸਤੂਆਂ ਬਣਾਈਆਂ ਜਾਂਦੀਆਂ ਹਨ। ਤੂਤ ਦੀਆਂ ਬਣੀਆਂ ਹੋਈਆਂ ਕੁਰਸੀਆਂ ਦੇ ਕਾਫੀ ਮਾਡਲ ਤੁਸੀਂ ਫਾਰਮ ਤੋਂ ਖਰੀਦ ਸਕਦੇ ਹੋ ।

ਰੇਨ ਵਾਟਰ ਹਾਰਵੈਸਟਿੰਗ

ਮੀਂਹ ਅਤੇ ਨਹਿਰੀ ਪਾਣੀ ਨੂੰ ਸਟੋਰ ਕਰਨ ਲਈ 33 ਲੱਖ ਲੀਟਰ ਪਾਣੀ ਸਟੋਰ ਕਰਨ ਲਈ ਟੈਂਕ ਦਾ ਨਿਰਮਾਣ ਕੀਤਾ ਗਿਆ ਹੈ । ਪੀਣ ਦੇ ਮਕਸਦ ਲਈ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਲਈ ਵੱਖਰਾ ਪ੍ਰਬੰਧ ਕੀਤਾ ਗਿਆ ਹੈ।

ਬੋਟੈਨੀਕਲ ਗਾਰਡਨ

ਬੋਟੈਨੀਕਲ ਗਾਰਡਨ ਵਿੱਚ ਸਾਡੇ ਕੋਲ ਰੁੱਖਾਂ ਦੀਆਂ 150 ਦੇ ਕਰੀਬ ਪ੍ਰਜਾਤੀਆਂ ਹਨ । ਪੰਜਾਬ ਦੇ ਵਾਤਾਵਰਣ ਵਿੱਚ ਉਗ ਜਾਣ ਵਾਲਾ ਤਕਰੀਬਨ ਹਰ ਰੁੱਖ ਤੁਸੀਂ ਸਾਡੇ ਫਾਰਮ ਦੇ ਦੇਖ ਸਕਦੇ ਹੋ ।ਇਹ ਰੁੱਖਾਂ ਦੀਆਂ 150 ਪ੍ਰਜਾਤੀਆਂ ਹਨ ਕਿਸਮਾਂ(varieties) ਅਲੱਗ ਹਨ । ਜਿਸ ਤਰ੍ਹਾਂ ਅੰਬ ਇੱਕ ਪਰਜਾਤੀ ਹੈ ਅਤੇ ਇਸ ਦੀਆਂ 30 ਕਿਸਮਾਂ ਤੁਸੀਂ ਫਾਰਮ ਤੇ ਦੇਖ ਸਕਦੇ ਹੋ।

ਕੰਪੋਸਟਿੰਗ ਯੂਨਿਟ

ਕੰਪੋਸਟਿੰਗ ਦੇ ਕਈ ਮਾਡਲ ਜਿਨ੍ਹਾਂ ਵਿੱਚ ਵਰਮੀ ਕੰਪੋਸਟਿੰਗ,ਪੋਲਟਰੀ ਕੰਪੋਸਟਿੰਗ ਨਡੇਪ ਕੰਪੋਸਟਿੰਗ, ਬਾਇਓ ਗੈਸ ਕੰਪੋਸਟਿੰਗ ਸ਼ਾਮਲ ਕੀਤੇ ਗਏ ਹਨ । ਫਾਰਮ ਉੱਪਰ ਅਲੱਗ ਅਲੱਗ ਕਿਸਮ ਦੀਆਂ ਕੰਪੋਸਟ ਖਾਦਾਂ ਤੋਂ ਇਲਾਵਾ ਫਸਲਾਂ ਲਈ ਗਰੋਥ ਪਰਮੋਟਰ ਅਤੇ ਪੈਸਟ ਰਿਪੈਲੈਂਟ ਛਿੜਕਾਅ ਵੀ ਤਿਆਰ ਕੀਤੇ ਜਾਂਦੇ ਹਨ ਅਤੇ ਇਹਨਾਂ ਦੀ ਵਿਕਰੀ ਲਈ ਵਿਕਰੀ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ।।

ਮੁਰਗੀ ਪਾਲਣ

ਪੁਰਾਤਨ ਸਮੇਂ ਤੋਂ ਮੁਰਗੀ ਪਾਲਣ ਕਿਸਾਨ ਦੀ ਖੇਤੀ ਦਾ ਇੱਕ ਅਹਿਮ ਹਿੱਸਾ ਰਿਹਾ ਹੈ। ਸੋਹਣਗ੍ਹੜ ਫਾਰਮਵਰਸਿਟੀ ਵਿਖੇ ਵੱਡੇ ਹਿੱਸੇ ਉੱਪਰ ਸਾਲ ਭਰ ਵਿੱਚ ਇੱਕ ਫਸਲ ਦੀ ਕਾਸ਼ਤ ਕੀਤੀ ਜਾਂਦੀ ਹੈ। ਸਾਉਣੀ ਦੀ ਰੁੱਤ ਵਿੱਚ ਖੇਤ ਨੂੰ ਖਾਲੀ ਛੱਡਿਆ ਜਾਂਦਾ ਹੈ। ਬਾਰਸ਼ਾਂ ਪੈਣ ਨਾਲ ਖੇਤ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਨਦੀਨ ਪੈਦਾ ਹੋ ਜਾਂਦੇ ਹਨ । ਇਹਨਾਂ ਨਦੀਨਾਂ ਨੂੰ ਪੱਕਣ ਤੇ ਇਹਨਾਂ ਦੇ ਬੀਜ ਇਕੱਠੇ ਕਰ ਲਏ ਜਾਂਦੇ ਹਨ ਅਤੇ ਸਾਲ ਭਰ ਇਹਨਾਂ ਨਦੀਨਾਂ ਦੇ ਬੀਜਾਂ ਨੂੰ ਮੁਰਗੀਆਂ ਨੂੰ ਖਵਾ ਕਿ ਅੰਡਿਆਂ ਵਿੱਚ ਤਬਦੀਲ ਕਰ ਲਿਆ ਜਾਂਦਾ ਹੈ।

ਬੱਕਰੀ ਪਾਲਣ

ਬੱਕਰੀਆਂ ਦੀ ਬਾਰਬਰੀ ਨਸਲ ਨੂੰ ਫਾਰਮ ਤੇ ਖੇਤੀ ਦਾ ਹਿੱਸਾ ਬਣਾਇਆ ਗਿਆ ਹੈ । ਬੱਕਰੀਆਂ ਦੇ ਭੋਜਨ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਅਲੱਗ ਅਲੱਗ ਕਿਸਮਾਂ ਦੇ ਰੁੱਖਾਂ ਦੇ ਪੱਤੇ ਅਤੇ ਜੜੀਆਂ ਬੂਟੀਆਂ ਬੱਕਰੀਆਂ ਨੂੰ ਖਾਣ ਲਈ ਦਿੱਤੀਆਂ ਜਾਂਦੀਆਂ ਹਨ। 700 ਦੇ ਕਰੀਬ ਬਰਮਾਂ ਡੇਕ( Barma dek ) ਅਤੇ 100 ਤੋਂ ਉੱਪਰ ਸਹੁੰਜਨੇ ( Drumstick) ਦੇ ਰੁੱਖ ਬੱਕਰੀਆਂ ਦੇ ਭੋਜਨ ਦੇ ਮਕਸਦ ਤੋਂ ਲਗਾਏ ਗਏ ਹਨ ।

ਦੁੱਧਾਰੂ ਪਸ਼ੂ

ਦੇਸੀ ਗਾਂ ਟਿਕਾਊ ਖੇਤੀ ਦਾ ਅਹਿਮ ਹਿੱਸਾ ਹੈ । ਸਾਹੀਵਾਲ ਨਸਲ ਦੀਆਂ ਗਾਵਾਂ ਅਤੇ ਨੀਲੀ ਰਾਵੀ ਕਿਸਮ ਦੀਆਂ ਮੱਝਾਂ ਨੂੰ ਦੁੱਧ ਦੀ ਪੈਦਾਵਾਰ ਲਈ ਰੱਖਿਆ ਗਿਆ ਹੈ । ਫਾਰਮ ਤੇ ਰੁਕਣ ਵਾਲੇ ਮਹਿਮਾਨਾਂ ਨੂੰ ਬਹੁਤ ਹੀ ਉਚ ਕਵਾਲਟੀ ਦਾ ਦੁੱਧ, ਘਿਓ, ਮੱਖਣ , ਲੱਸੀ, ਦਹੀਂ, ਪਨੀਰ ਮਹੱਈਆ ਕਰਾਇਆ ਜਾਂਦਾ ਹੈ ।

ਫੂਡ ਪ੍ਰੋਸੈਸਿੰਗ

ਫਾਰਮ ਉੱਪਰ ਫੂਡ ਪ੍ਰੋਸੈਸਿੰਗ ਲਈ ਫੂਡ ਪ੍ਰੋਸੈਸਿੰਗ ਰੂਮ ਦੀ ਸਥਾਪਨਾ ਕੀਤੀ ਗਈ ਹੈ ਜਿਥੇ ਅਚਾਰ, ਮੁਰੱਬੇ, ਚਟਣੀਆਂ ਤੋਂ ਇਲਾਵਾ ਸਿਰਕੇ ਬਣਾਉਣ ਲਈ ਫਰਮੈਂਟੇਸ਼ਨ ਅਤੇ ਅਰਕ ਕੱਢਣ ਲਈ ਡਿਸਟਿਲਾਈਸ਼ੇਸ਼ਨ ਵੀ ਕੀਤੀ ਜਾਂਦੀ ਹੈ।

ਫਲਦਾਰ ਪੌਦੇ

ਫਾਰਮ ਉੱਪਰ ਫਲਦਾਰ ਪੌਦਿਆਂ ਦੀ ਲ਼ੰਬੀ ਲਿਸਟ ਹੈ ਫਲਾਂ ਦੇ ਪੌਦਿਆਂ ਦੀਆਂ 50 ਤੋਂ ਵੱਧ ਪ੍ਰਜਾਤੀਆਂ ਲਗਾਈਆਂ ਗਈਆਂ ਹਨ। ਸਾਰੇ ਸਾਲ ਦੇ ਕਿਸੇ ਵੀ ਸਮੇਂ ਤੁਸੀਂ ਫਾਰਮ ਤੇ ਵਿਜਿਟ ਕਰੋ ਤੁਹਾਨੂੰ ਕੋਈ ਨਾ ਕੋਈ ਫਲ ਖਾਣ ਲਈ ਜਰੂਰ ਮਿਲੇਗਾ।

ਫਾਰਮ ਸਟੇਅ ਅਤੇ ਨੈਚੁਰਲ ਹੀਲਿੰਗ ਸੈਂਟਰ

ਕੁਦਰਤ ਦੀ ਗੋਦ ਦਾ ਅਨੰਦ ਮਾਨਣ ਲਈ ਫਾਰਮ ਉਪਰ ਰਾਤ ਰੁਕਣ ਦੀ ਵਿਵਸਥਾ ਕੀਤੀ ਗਈ ਹੈ । ਫਾਰਮ ਸਟੇਅ ਦੀਆਂ ਅਲੱਗ ਅਲੱਗ ਕੈਟਾਗਰੀਆਂ ਬਣਾਈਆਂ ਗਈਆਂ ਹਨ । ਸਰੀਰਕ ਤੰਦਰੁਸਤੀ ਲਈ ਲੰਬਾ ਸਮਾਂ ਫਾਰਮ ਤੇ ਰੁਕਣ ਲਈ ਨੈਚੁਰਲ ਹੀਲਿੰਗ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ।

ਆਰਗੈਨਿਕ ਪਰੰਪਰਾਗਤ ਭੋਜਨ ਕੰਟੀਨ ਅਤੇ ਜੂਸ ਬਾਰ

ਫਾਰਮ ਦੀ ਕੰਟੀਨ ਤੋਂ ਸਿਹਤਵਰਧਕ ਅਤੇ ਵਿਰਾਸਤੀ ਪਕਵਾਨ ਤਿਆਰ ਕੀਤੇ ਜਾਂਦੇ ਹਨ । ਜੂਸ ਬਾਰ ਤੋਂ ਫਾਰਮ ਦੇ ਅਪਣੇ ਫਲਾਂ ਦਾ ਤਿਆਰ ਜੂਸ ਸੇਵਨ ਕੀਤਾ ਜਾ ਸਕਦਾ ਹੈ ।

ਹਰਬਲ ਅਤੇ ਫਰੂਟ ਪਲਾਂਟ ਨਰਸਰੀ

ਫਾਰਮ ਦੇ ਹਰਬਲ ਪਾਰਕ ਵਿੱਚ 100 ਤੋਂ ਉੱਪਰ ਕਿਸਮਾਂ ਦੀਆਂ ਜੜੀਆਂ ਬੂਟੀਆਂ ਲਗਾਈਆਂ ਗਈਆਂ ਹਨ । ਇਹਨਾਂ ਪੌਦਿਆਂ ਤੋਂ ਅੱਗੇ ਪੌਦੇ ਤਿਆਰ ਕੀਤੇ ਜਾਂਦੇ ਹਨ । ਫਾਰਮ ਦੀ ਨਰਸਰੀ ਤੋਂ ਫਲਦਾਰ ਅਤੇ ਜੜੀਆਂ ਬੂਟੀਆਂ ਦੇ ਪੌਦੇ ਖਰੀਦੇ ਜਾ ਸਕਦੇ ਹਨ ।

ਫਾਰਮ ਆਉਟਲੈਟ

ਫਾਰਮ ਦੀ ਅਪਣੀ ਜਹਿਰ ਮੁਕਤ ਪੈਦਾਵਾਰ ਅਤੇ ਹੋਰ ਦੂਸਰੇ ਕੁਦਰਤੀ ਖੇਤੀ ਕਿਸਾਨਾਂ ਦੀ ਉੱਪਜ ਖਰੀਦਣ ਲਈ ਫਾਰਮ ਉੱਪਰ ਕੁਦਰਤ ਹੱਟ( Kudrat Hut) ਨਾਮਕ ਫਾਰਮ ਆਊਟਲੈਟ ਖੋਲੀ ਗਈ ਹੈ । ਇਸ ਕੁਦਰਤ ਹੱਟ ਤੋਂ ਘਰੇਲੂ ਰਸੋਈ ਦੀ ਵਰਤੋਂ ਦਾ ਸਾਰਾ ਸਮਾਨ ਪ੍ਰਾਪਤ ਕੀਤਾ ਜਾ ਸਕਦਾ ਹੈ।

ਨੰਗੇ ਪੈਰ ਚੱਲਣ ਲਈ ਜ਼ਿੰਦਾ ਮਿੱਟੀ

ਡਾਕਟਰ ਤੰਦਰੁਸਤ ਰਹਿਣ ਲਈ ਨੰਗੇ ਪੈਰ ਚੱਲਣ ਦੀ ਸਲਾਹ ਦਿੰਦੇ ਹਨ । ਸਾਡਾ ਸਰੀਰ ਪੈਰਾਂ ਰਾਹੀਂ ਮਿੱਟੀ ਵਿਚਲੇ ਚੰਗੇ ਅਤੇ ਬੁਰੇ ਪ੍ਰਭਾਵਾਂ ਨੂੰ ਗ੍ਰਹਿਣ ਕਰਦਾ ਹੈ। ਜੇਕਰ ਤੁਸੀਂ ਉਸ ਮਿੱਟੀ ਉੱਪਰ ਨੰਗੇ ਪੈਰ ਚਲਦੇ ਹੋ ਜਿੱਥੇ ਨਦੀਨ ਨਾਸ਼ਕ ਜਹਿਰ ਛਿੜਕੇ ਗਏ ਹਨ ਤਾਂ ਤੁਹਾਡੇ ਬਿਮਾਰ ਹੋਣ ਦੇ ਚਾਨਸ ਵੱਧ ਜਾਂਦੇ ਹਨ। ਸੋਹਨਗੜ ਫਾਰਮ ਉੱਪਰ ਅਸੀਂ ਤੁਹਾਨੂੰ ਇੱਕ ਕਿਲੋਮੀਟਰ ਲੰਬਾ ਰੂਟ ਪ੍ਰਦਾਨ ਕਰਦੇ ਹਾਂ ਜਿਥੇ ਪਿਛਲੇ 11 ਸਾਲਾਂ ਤੋਂ ਕਿਸੇ ਵੀ ਕਿਸਮ ਦਾ ਕੋਈ ਨਦੀਨ ਨਾਸ਼ਕ ਜਹਿਰ ਨਹੀਂ ਛਿੜਕਿਆ ਗਿਆ।

ਜ਼ੀਰੋ ਵੇਸਟ ਮਾਡਲ

ਰਿਡਊਸ, ਰੀਯੂਜ਼ ਅਤੇ ਰੀਸਾਈਕਲ ਦੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਫਾਰਮ ਉੱਪਰ ਕੁਦਰਤੀ ਸਰੋਤਾਂ ਦੀ ਵਰਤੋਂ ਬੜੀ ਸੰਜਮਤਾ ਅਤੇ ਸਮਝਦਾਰੀ ਨਾਲ ਕੀਤੀ ਜਾਂਦੀ ਹੈ। ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’ ਦੇ ਸਿਧਾਂਤ ਤੇ ਬੜੀ ਕੱਟੜਤਾ ਨਾਲ ਚਲਦਿਆਂ ਫਾਰਮ ਉਪਰ ਕਿਸੇ ਵੀ ਤਰ੍ਹਾਂ ਦਾ ਵਾਤਾਵਰਣੀ ਪ੍ਰਦੂਸ਼ਣ ਨਹੀਂ ਹੋਣ ਦਿੱਤਾ ਜਾਂਦਾ।

ਫੋਟੋਗ੍ਰਾਫੀ ਲੋਕੇਸ਼ਨ ਪੋਆਇੰਟ

ਬਦਲਦੇ ਹਾਲਾਤਾਂ ਵਿੱਚ ਮਨੁੱਖ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਵੀ ਬਹੁਤ ਮਹੱਤਵਪੂਰਨ ਬਦਲਾਅ ਆਏ ਹਨ । ਫੋਟੋਗ੍ਰਾਫੀ ਅਜੌਕੇ ਸਮੇਂ ਵਿੱਚ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਚੁੱਕਾ ਹੈ ਅਤੇ ਸਾਡੇ ਆਸ ਪਾਸ ਫੋਟੋਗ੍ਰਾਫੀ ਲਈ ਕਈ ਕੇਂਦਰ ਬਣ ਚੁੱਕੇ ਹਨ। ਇਹਨਾਂ ਕੇਂਦਰਾਂ ਵਿੱਚ ਪੁਰਾਤਨ ਲੋਕੇਸ਼ਨਾਂ ਨੂੰ ਸਿਰਫ ਫੋਟੋਗ੍ਰਾਫੀ ਲਈ ਆਰਟੀਫਿਸ਼ਲ ਤਰੀਕੇ ਨਾਲ ਬਣਾਇਆ ਜਾਂਦਾ ਹੈ। ਸੋਹਣਗੜ ਫਾਰਮਵਰਸਿਟੀ ਵਿਖੇ ਕੁਦਰਤ ਦੀ ਹਰ ਰਚਨਾ ਨੂੰ ਕੁਦਰਤੀ ਅਤੇ ਮੂਲ ਰੂਪ ਸ਼ਾਮਲ ਕੀਤਾ ਗਿਆ ਹੈ। ਪ੍ਰੀ ਵੈਡਿੰਗ ਅਤੇ ਹੋਰ ਫੰਕਸ਼ਨਾਂ ਲਈ ਫੋਟੋਗ੍ਰਾਫੀ ਕਰਨ ਲਈ ਫਾਰਮ ਮੇਨੇਜਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।