ਤਿੰਨ ਦਿਨਾਂ ਟਿਕਾਊ ਖੇਤੀ ਟ੍ਰੇਨਿੰਗ ਵਰਕਸ਼ਾਪ 14 ਤੋਂ 16 ਮਾਰਚ 2025 ਨੂੰ ਆਯੋਜਿਤ ਹੋਵੇਗੀ

ਫਾਰਮਵਰਸਿਟੀ(Farmversity) ਕੀ ਹੈ

ਮਨੁੱਖੀ ਸਭਿਅਤਾ ਦੇ ਹੁਣ ਤੱਕ ਦੇ ਸਫਰ ਨੂੰ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ । ਜੰਗਲ ਕਾਲ , ਪਿੰਡ ਕਾਲ ਅਤੇ ਸ਼ਹਿਰ ਕਾਲ । ਜੰਗਲ ਕਾਲ ਉਹ ਸਮਾਂ ਸੀ ਜਦੋ ਸਾਰੀ ਧਰਤੀ ਉੱਪਰ ਜੰਗਲ ਸੀ ਅਤੇ ਮਨੁੱਖ ਜੰਗਲਾਂ ਵਿੱਚ ਰਹਿੰਦਾਂ ਸੀ । ਭੋਜਨ ਪੈਦਾ ਕਰਨ ਵਾਲੀ ਅਤੇ ਮਨੁੱਖਾਂ ਦੇ ਰਿਹਾਇਸ਼ ਵਾਲੀ ਜਮੀਨ ਅਲੱਗ ਅਲੱਗ ਨਹੀ ਸੀ । ਮਨੁੱਖ ਭੋਜਨ ਦੀ ਭਾਲ ਵਿੱਚ ਇੱਧਰ ਉੱਧਰ ਭੱਜਿਆ ਫਿਰਦਾ ਸੀ। ਉਸ ਕਾਲ ਵਿੱਚ ਭੋਜਨ ਸਥਿਰ ਸੀ ਅਤੇ ਮਨੁੱਖ ਭੋਜਨ ਦੀ ਭਾਲ ਵਿੱਚ ਤੁਰ ਫਿਰ ਰਿਹਾ ਸੀ । ਜਿਥੋ ਜੋ ਮਿਲਿਆ ਖਾ ਲਿਆ ਅਤੇ ਮਲਮੂਤਰ ਦੇ ਰੂਪ ਵਿਚ ਮਿੱਟੀ ਨੂੰ ਵਾਪਸ ਕਰ ਦਿੱਤਾ ।

ਜਿਉਂ ਹੀ ਮਨੁੱਖ ਦੀ ਸਮਝ ਦਾ ਵਿਕਾਸ ਹੋਇਆ ਇਹ ਕਬੀਲੇ ਜਾਂ ਪਿੰਡ ਬਣਾ ਕਿ ਰਹਿਣ ਲੱਗਾ ਅਤੇ ਇਸ ਨੇ ਖੇਤੀ ਕਰਨੀਂ ਸਿੱਖ ਲਈ । ਭੋਜਨ ਪੈਦਾ ਕਰਨ ਵਾਲੀ ਅਤੇ ਰਿਹਾਇਸ਼ ਵਾਲੀ ਜਮੀਨ ਅਲੱਗ ਅਲੱਗ ਹੋ ਗਈ । ਖੇਤਾਂ ਵਿਚੋ ਭੋਜਨ ਪੈਦਾ ਕਰਕੇ ਰਿਹਾਇਸ਼ੀ ਇਲਾਕੇ ਵਿੱਚ ਬੈਠ ਕਿ ਖਾਧਾ ਜਾਣ ਲੱਗਾ । ਭੋਜਨ ਨੇ ਸਫਰ ਕਰਨਾਂ ਸੁਰੂ ਕੀਤਾ । ਕਿਉਕਿ ਇਹ ਸਫਰ ਜਿਅਦਾ ਲੰਬਾ ਨਹੀ ਸੀ ਖੇਤੀਯੋਗ ਮਿੱਟੀ ਵਿੱਚੋ ਫਸਲ ਦੇ ਰੂਪ ਵਿੱਚ ਨਿਕਲੇ ਖੁਰਾਕੀ ਤੱਤ ਵਾਪਸ ਫਿਰ ਇਸ ਮਿੱਟੀ ਤੱਕ ਮਨੁੱਖਾਂ ਅਤੇ ਜੀਵਾਂ ਦੇ ਮਲਮੂਤਰ ਦੇ ਰੂਪ ਵਿੱਚ ਪਹੁੰਚ ਜਾਂਦੇ ਸੀ ਅਤੇ ਵਾਹੀਯੋਗ ਮਿੱਟੀ ਵਿੱਚ ਖੁਰਾਕੀ ਤੱਤਾਂ ਦੀ ਘਾਟ ਮਹਿਸੂਸ ਨਹੀਂ ਹੋਈ ।

ਮਨੁੱਖੀ ਸਮਝ ਦਾ ਹੋਰ ਵਿਕਾਸ ਹੋਇਆ ਅਤੇ ਇਸ ਨੇ ਸਹੂਲਤਾਂ ਅਤੇ ਵਸਤੂਆਂ ਇਜਾਦ ਕੀਤੀਆਂ । ਇਹ ਸਹੂਲਤਾਂ ਅਤੇ ਵਸਤੂਆਂ ਬਣਾਉਣ ਲਈ ਮਨੁੱਖੀ ਸ਼ਕਤੀ ਦੀ ਜ਼ਰੂਰਤ ਸੀ ਅਤੇ ਮਨੁੱਖਾਂ ਦਾ ਕੇਂਦਰੀਕਰਨ ਸ਼ੁਰੂ ਹੋ ਗਿਆ । ਸ਼ਹਿਰਾਂ ਦਾ ਜਨਮ ਹੋਇਆ ਅਤੇ ਮਨੁੱਖੀ ਅਬਾਦੀ ਸਹਿਰਾਂ ਦੁਆਲੇ ਇਕੱਠੀ ਹੋਣ ਲੱਗੀ । ਭੋਜਨ ਲੰਬੀ ਦੂਰੀ ਤਹਿ ਕਰਨ ਲੱਗਾ । ਖੇਤੀਯੋਗ ਮਿੱਟੀ ਵਿਚੋ ਭੋਜਨ ਦੇ ਰੂਪ ਵਿੱਚ ਨਿਕਲੇ ਖੁਰਾਕੀ ਤੱਤ ਖਾਧੇ ਜਾਣ ਤੋਂ ਬਾਅਦ ਮਲਮੂਤਰ ਦੇ ਰੂਪ ਵਿੱਚ ਵਾਪਸ ਖੇਤੀਯੋਗ ਮਿੱਟੀ ਤੱਕ ਪਹੁੰਚਣੇ ਬੰਦ ਹੋ ਗਏ । ਇਸ ਤੋ ਇਲਾਵਾ ਮਨੁੱਖ ਨੇ ਮਿੱਟੀ ਵਿੱਚੋ ਖੁਰਾਕੀ ਤੱਤ ਕੱਢ ਕੇ ਅਪਣੀ ਸਹੂਲਤ ਲਈ ਉਸ ਦੀਆਂ ਵਸਤੂਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ । ਜਿਸ ਦੇ ਫਲਸਰੂਪ ਖੇਤੀਯੋਗ ਜਮੀਨ ਵਿਚੋ ਭੋਜਨ ਪੈਦਾ ਕਰਨ ਦੀ ਸ਼ਕਤੀ ਘਟਨੀ ਸੁਰੂ ਹੁੰਦੀ ਹੈ ਅਤੇ ਪੂਰੀ ਧਰਤੀ ਤੇ ਭੋਜਨ ਵਿੱਚ ਖੁਰਾਕੀ ਤੱਤਾਂ ਦੀ ਘਾਟ ਮਹਿਸੂਸ ਕੀਤੀ ਜਾਣ ਲੱਗੀ ਹੈ ।

ਸ਼ਹਿਰਾਂ ਵਿੱਚ ਇਕੱਠੀ ਹੋਈ ਅਬਾਦੀ ਦਾ ਢਿੱਡ ਭਰਨ ਲਈ ਵਾਹੀਯੋਗ ਮਿੱਟੀ ਵਿੱਚੋ ਜਿਆਦਾ ਭੋਜਨ ਪੈਦਾ ਕਰਨ ਦੀ ਵਕਾਲਤ ਕਰਨ ਵਾਲੀ ਇੱਕ ਸੰਸਥਾ ਦੀ ਜਰੂਰਤ ਮਹਿਸੂਸ ਹੋਣ ਲੱਗੀ ਅਤੇ ਪੂਰੀ ਦੁਨੀਆਂ ਉਤੇ ਖੇਤੀਬਾੜੀ ਯੂਨੀਵਰਸਿਟੀਆਂ ਦਾ ਜਨਮ ਹੁੰਦਾ ਹੈ । ਕਈ ਦਹਾਕੇ ਇਹਨਾਂ ਯੂਨੀਵਰਸਿਟੀਆਂ ਦੁਆਰਾ ਸੁਝਾਏ ਰਸਾਇਣਿਕ ਖਾਦਾਂ, ਜਹਿਰਾਂ ਅਤੇ ਮਸ਼ੀਨੀਕਰਨ ਦੀ ਮਦਦ ਨਾਲ ਤਿਆਰ ਖੇਤੀ ਮਾਡਲ ਨਾਲ ਖੂਬ ਪੈਦਾਵਾਰ ਲਈ ਗਈ । ਖੇਤੀਯੋਗ ਜਮੀਨ ਵਿਚੋ ਲਗਾਤਾਰ ਖੁਰਾਕੀ ਤੱਤ ਨਿਕਲਣ ਕਾਰਨ ਅਤੇ ਵਾਪਸ ਮਿੱਟੀ ਨੂੰ ਮੋੜਨ ਤੋ ਮੁਨਕਰ ਹੋਣ ਕਾਰਨ ਇਸ ਮਿੱਟੀ ਵਿੱਚੋ ਪੈਦਾ ਹੋਏ ਭੋਜਨ ਵਿੱਚ ਖੁਰਾਕੀ ਤੱਤਾਂ ਦੀ ਘਾਟ ਆਉਣੀ ਸੁਰੂ ਹੋਈ ਅਤੇ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗਾ। ਇਹ ਮਹਿਸੂਸ ਹੋਣ ਲੱਗਾ ਕਿ ਹੁਣ ਵਾਹੀਯੋਗ ਮਿੱਟੀ ਵਿੱਚੋ ਖੁਰਾਕੀ ਤੱਤ ਸੰਜਮ ਅਤੇ ਸਮਝਦਾਰੀ ਨਾਲ ਕੱਢਣੇ ਪੈਣਗੇ ਅਤੇ ਵਾਪਸ ਵੀ ਕਰਨੇ ਪੈਣਗੇ । ਇਸ ਕਾਰਜ ਲਈ ਟਿਕਾਊ ਖੇਤੀ ਦੀ ਜਰੂਰਤ ਮਹਿਸੂਸ ਹੋਣ ਲੱਗੀ । ਇਸ ਟਿਕਾਊ ਖੇਤੀ ਦੀ ਵਕਾਲਤ ਕਰਨ ਲਈ ਕਿਸੇ ਉੱਚ ਸੰਸਥਾਂਨ ਦੀ ਜਰੂਰਤ ਮਹਿਸੂਸ ਹੋਣ ਲੱਗੀ । ਸਵਰਾਜ ਯੂਨੀਵਰਸਿਟੀ ਦੇ ਸੰਸਥਾਪਕ ਉਦੇਪੁਰ (ਰਾਜਸਥਾਂਨ) ਦੇ ਰਹਿਣ ਵਾਲੇ ਸ੍ਰੀ ਮਨੀਸ਼ ਜੈਨ ਜੀ ਨੇ ਇਸ ਸੰਸਥਾਂਨ ਨੂੰ ਫਾਰਮਵਰਸਿਟੀ(Farmversity) ਦਾ ਨਾਮ ਦਿੱਤਾ । ਫਾਰਮਵਰਸਿਟੀ ਉਹ ਸੰਸਥਾਂਨ ਹੈ ਜੋ ਟਿਕਾਊ ਖੇਤੀ ਦੀ ਖੋਜ, ਪ੍ਰਚਾਰ ਅਤੇ ਪਸਾਰ ਦੀ ਗੱਲ ਕਰਦਾ ਹੈ ।

ਜਿਉਂ ਜਿਉਂ ਮਨੁੱਖੀ ਸਮਝ ਦਾ ਵਿਕਾਸ ਹੁੰਦਾਂ ਗਿਆ ਮਨੁੱਖ ਜੀਵਨ ਦੇ ਅਲੱਗ ਅਲੱਗ ਪਹਿਲੂਆਂ ਨੂੰ ਹੋਰ ਪ੍ਰਪੱਕਤਾ ਅਤੇ ਸੁਧਾਰ ਲਈ ਟੁੱਕੜਿਆਂ ਵਿੱਚ ਦੇਖਣ ਲੱਗਾ | ਖੇਤੀ ਵਿੱਚ ਸੁਧਾਰ ਲਈ ਖੇਤੀ ਯੂਨੀਵਰਸਿਟੀਆਂ ਬਣਾ ਲਈਆਂ, ਸਿਹਤ ਬਾਰੇ ਹੋਰ ਜਾਨਣ ਲਈ ਸਿਹਤ ਯੂਨੀਵਰਸਿਟੀਆਂ ਅਤੇ ਇਸੇ ਹੀ ਤਰਾਂ ਹੋਰ ਵੀ ਬਹੁਤ ਸੰਸਥਾਨ ਹੋਂਦ ਵਿੱਚ ਆਏ | ਖੇਤੀ ਵਿੱਚ ਅਸੀਂ ਬਹੁਤ ਸੁਧਾਰ ਕੀਤਾ ਪਰ ਇਸ ਸੁਧਾਰ ਨਾਲ ਖੁਰਾਕ, ਸਿਹਤ, ਵਾਤਾਵਰਨ ਅਤੇ ਖੁਸ਼ਹਾਲ ਜੀਵਨ ਤੇ ਇਸ ਦੇ ਕੀ ਪ੍ਰਭਾਵ ਪਏ ਅਸੀਂ ਉਸ ਨੂੰ ਅਣਗੌਲਿਆ ਕਰ ਦਿੱਤਾ | ਇਸੇ ਹੀ ਤਰਾਂ ਭੋਜਨ,ਸਿਹਤ,ਵਾਤਾਵਰਨ ਅਤੇ ਖੁਸ਼ਹਾਲ ਜੀਵਨ ਦੇ ਮਾਮਲੇ ਵਿੱਚ ਵੀ ਹੋਇਆ | ਅਸੀਂ ਇਹ ਸਾਰੇ ਪਹਿਲੂਆਂ ਨੂੰ ਟੁਕੜੇ ਟੁਕੜੇ ਦੇ ਰੂਪ ਵਿੱਚ ਦੇਖਿਆ | ਅਸੀਂ ਸਾਰੇ ਪਹਿਲੂਆਂ ਤੇ ਬਹੁਤ ਕੰਮ ਕੀਤਾ ਅਤੇ ਵਿਕਾਸ ਕੀਤਾ ਪਰੰਤੂ ਸਭ ਨੂੰ ਸਮੂਹਿਕ ਰੂਪ ਵਿੱਚ ਇਕੱਠੇ ਲੈ ਕੇ ਵਿਕਾਸ ਨਹੀਂ ਕੀਤਾ | "ਫਾਰਮਵਰਸਿਟੀ" ਉਹ ਸੰਸਥਾਨ ਹੈ ਜਿੱਥੇ ਖੇਤੀ,ਖੁਰਾਕ, ਸਿਹਤ,ਸਿੱਖਿਆ,ਵਾਤਾਵਰਨ ਅਤੇ ਖੁਸ਼ਹਾਲ ਜੀਵਨ ਨੂੰ ਸਮੂਹਿਕ ਰੂਪ ਵਿੱਚ ਇੱਕ ਸਮਝਦੇ ਹੋਏ ਇਸ ਦੇ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ |